
ਖੇਮਕਰਨ ਸਰਹੱਦੀ ਖੇਤਰ ’ਚ ਬੀ.ਐੱਸ.ਐੱਫ ਤੇ ਪੁਲਿਸ ਦੀ ਸਾਂਝੀ ਕਾਰਵਾਈ, 1 ਕਿਲੋ ਹੈਰੋਇਨ ਬਰਾਮਦ
ਪਿੰਡ ਮਸਤਗੜ੍ਹ ਦੇ ਖੇਤਾਂ ’ਚੋਂ ਪੀਲੇ ਰੰਗ ਦਾ ਪੈਕੇਟ ਮਿਲਿਆ; 132 ਗ੍ਰਾਮ ਪੈਕਿੰਗ ਸਮੱਗਰੀ ਵੀ ਬਰਾਮਦ, ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ਼
ਭਿੱਖੀਵਿੰਡ, 25 ਅਕਤੂਬਰ, ਰਿੰਪਲ ਗੋਲਣ, ਲਖਵਿੰਦਰ ਗੋਲਣ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਮਕਰਨ ਖੇਤਰ ਦੇ ਪਿੰਡ ਮਸਤਗੜ੍ਹ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਇੱਕ ਕਿਲੋਗ੍ਰਾਮ ਹੈਰੋਇਨ ਅਤੇ 132 ਗ੍ਰਾਮ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਬਰਾਮਦਗੀ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਖੇਮਕਰਨ ਦੇ ਐੱਸਆਈ ਜੈਪਾਲ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਦੀ 142ਵੀਂ ਬਟਾਲੀਅਨ ਦੇ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪਿੰਡ ਮਸਤਗੜ੍ਹ ਦੇ ਖੇਤਾਂ ਵਿੱਚੋਂ ਪੀਲੇ ਰੰਗ ਦਾ ਇੱਕ ਪੈਕੇਟ ਬਰਾਮਦ ਹੋਇਆ। ਸ਼ੱਕ ਜਤਾਇਆ ਗਿਆ ਕਿ ਇਹ ਪੈਕੇਟ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਰਾਹੀਂ ਸੁੱਟਿਆ ਗਿਆ ਸੀ। ਪੈਕੇਟ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਇੱਕ ਕਿਲੋਗ੍ਰਾਮ ਹੈਰੋਇਨ ਅਤੇ 132 ਗ੍ਰਾਮ ਪੈਕਿੰਗ ਸਮੱਗਰੀ ਮਿਲੀ।
ਬੀਐੱਸਐੱਫ ਵੱਲੋਂ ਬਰਾਮਦ ਕੀਤੀ ਗਈ ਸਮੱਗਰੀ ਅਗਲੀ ਕਾਰਵਾਈ ਲਈ ਥਾਣਾ ਖੇਮਕਰਨ ਦੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ। ਐੱਸਆਈ ਜੈਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਐੱਫਆਈਆਰ ਨੰਬਰ 97 ਦਰਜ ਕੀਤੀ ਹੈ। ਮਾਮਲੇ ਵਿੱਚ ਐਨਡੀਪੀਐੱਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 25/26/29 ਲਗਾਈਆਂ ਗਈਆਂ ਹਨ।
ਪੁਲਿਸ ਅਨੁਸਾਰ, ਮੁੱਢਲੀ ਜਾਂਚ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੈਰੋਇਨ ਅਤੇ ਪੈਕਿੰਗ ਸਮੱਗਰੀ ਪਾਕਿਸਤਾਨ ਵਾਲੇ ਪਾਸਿਓਂ ਭੇਜੀ ਗਈ ਹੋ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਖੇਪ ਨਾਲ ਜੁੜੇ ਹੋਰ ਤੱਥਾਂ ਅਤੇ ਸੰਭਾਵਿਤ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ।



