
10 ਸਾਲ ਬਾਅਦ ਵੀ ਸਾਹਮਣੇ ਆ ਰਹੇ ਬੰਦ ਹੋ ਚੁੱਕੇ ₹500 ਤੇ ₹1,000 ਦੇ ਨੋਟ, ਹਾਪੁੜ ’ਚ ₹1.44 ਕਰੋੜ ਬਰਾਮਦ
ਪੁਲਿਸ ਨੇ ਦੇਵੇਂਦਰ ਸਿੰਘ ਕੋਲੋਂ ਪੁਰਾਣੀ ਕਰੰਸੀ ਕੀਤੀ ਜ਼ਬਤ; ਨੋਟ ਕਿੱਥੋਂ ਆਏ ਅਤੇ ਕਿੱਥੇ ਲਿਜਾਏ ਜਾ ਰਹੇ ਸਨ, ਜਾਂਚ ਜਾਰੀ
ਹਾਪੁੜ, ਉੱਤਰ ਪ੍ਰਦੇਸ਼, 09 ਅਕਤੂਬਰ, ਐਲ.ਕੇ ਮੀਡੀਆ ਨੈੱਟਵਰਕ
ਨੋਟਬੰਦੀ ਦੇ ਕਰੀਬ 10 ਸਾਲ ਬਾਅਦ ਵੀ ਬੰਦ ਕੀਤੇ ਜਾ ਚੁੱਕੇ ₹500 ਅਤੇ ₹1,000 ਦੇ ਪੁਰਾਣੇ ਨੋਟ ਕਿਤੇ-ਕਿਤੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਪੁਰਾਣੀ ਕਰੰਸੀ ਦੇ ਰੂਪ ਵਿੱਚ ਕਰੀਬ ₹1.44 ਕਰੋੜ ਦੀ ਰਕਮ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਰਕਮ ਵਿੱਚ ਪੁਰਾਣੇ ₹500 ਅਤੇ ₹1,000 ਦੇ ਨੋਟ ਸ਼ਾਮਲ ਹਨ। ਪੁਲਿਸ ਨੇ ਇਸ ਸਬੰਧੀ ਦੇਵੇਂਦਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ ਕਿੱਥੋਂ ਆਏ, ਜਾਂਚ ਦਾ ਮੁੱਖ ਕੇਂਦਰ :-👇🏻
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਬੰਦ ਹੋ ਚੁੱਕੇ ਨੋਟ ਦੇਵੇਂਦਰ ਸਿੰਘ ਕੋਲ ਕਿੱਥੋਂ ਆਏ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨੋਟ ਕਿੱਥੇ ਲੈ ਕੇ ਜਾ ਰਿਹਾ ਸੀ ਅਤੇ ਇਨ੍ਹਾਂ ਨੂੰ ਆਪਣੇ ਕੋਲ ਰੱਖਣ ਜਾਂ ਲਿਜਾਣ ਪਿੱਛੇ ਕੀ ਮਕਸਦ ਸੀ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਪੁਰਾਣੀ ਕਰੰਸੀ ਨਾਲ ਜੁੜੇ ਸੰਭਾਵਿਤ ਸਰੋਤਾਂ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨਵੰਬਰ 2016 ਵਿੱਚ ਪੁਰਾਣੇ ₹500 ਅਤੇ ₹1,000 ਦੇ ਨੋਟਾਂ ਨੂੰ ਕਾਨੂੰਨੀ ਟੈਂਡਰ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਇਨ੍ਹਾਂ ਨੋਟਾਂ ਦੀ ਵਰਤੋਂ ਬੰਦ ਹੋ ਗਈ ਸੀ। ਇਸ ਦੇ ਬਾਵਜੂਦ ਹਾਪੁੜ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਪੁਰਾਣੀ ਕਰੰਸੀ ਦੀ ਬਰਾਮਦਗੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।



