
ਟੰਬਲਰ ਰਿਜ ਸਕੂਲ ਕਤਲੇਆਮ ਮਾਮਲੇ ’ਚ ਅਮਰੀਕਾ ਤੋਂ 30 ਸਾਲਾ ਵਿਅਕਤੀ ਗ੍ਰਿਫ਼ਤਾਰ
ਹਮਲਾਵਰ ਨੂੰ ਕਥਿਤ ਤੌਰ ’ਤੇ ਸਲਾਹ, ਪੈਸੇ ਤੇ ਤਕਨੀਕੀ ਮਦਦ ਦੇਣ ਦੇ ਦੋਸ਼; ਅਮਰੀਕੀ ਅਦਾਲਤ ’ਚ ਦੋਸ਼ ਸਾਬਤ ਹੋਣ ’ਤੇ ਉਮਰ ਕੈਦ ਤੱਕ ਦੀ ਸਜ਼ਾ ਸੰਭਵ
ਮਲਕੀਤ ਸਿੰਘ, ਵੈਨਕੂਵਰ, 08 ਅਕਤੂਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਖੇਤਰ ਵਿੱਚ ਸਥਿਤ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 10 ਫਰਵਰੀ ਨੂੰ ਹੋਏ ਭਿਆਨਕ ਸਮੂਹਿਕ ਗੋਲੀਕਾਂਡ ਦੀ ਜਾਂਚ ਵਿੱਚ ਇੱਕ ਅਹਿਮ ਮੋੜ ਸਾਹਮਣੇ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਸੂਬੇ ਦੇ ਬੈਲਿੰਗਹੈਮ ਵਾਸੀ 30 ਸਾਲਾ ਜੇਮਸ ਕੋਡੀ ਬ੍ਰਾਇੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਵਿਦੇਸ਼ੀ ਧਰਤੀ ’ਤੇ ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਹਨ। ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ, ਬ੍ਰਾਇੰਟ ਕਥਿਤ ਹਮਲਾਵਰ ਜੇਸੀ ਵੈਨ ਰੂਟਸੇਲਾਰ ਦੇ ਨਾਲ ਗੋਲੀਕਾਂਡ ਤੋਂ ਘੱਟੋ-ਘੱਟ ਛੇ ਮਹੀਨੇ ਪਹਿਲਾਂ ਤੋਂ ਲਗਾਤਾਰ ਸੰਪਰਕ ਵਿੱਚ ਸੀ। ਜਾਂਚ ਅਧਿਕਾਰੀਆਂ ਦਾ ਦੋਸ਼ ਹੈ ਕਿ ਬ੍ਰਾਇੰਟ ਨੇ ਹਮਲਾਵਰ ਨੂੰ ਹਮਲੇ ਦੀ ਯੋਜਨਾ ਸਬੰਧੀ ਸਲਾਹ ਦੇਣ ਦੇ ਨਾਲ-ਨਾਲ ਪੈਸੇ ਅਤੇ ਤਕਨੀਕੀ ਮਦਦ ਵੀ ਮੁਹੱਈਆ ਕਰਵਾਈ।
ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਮੁਤਾਬਕ ਬ੍ਰਾਇੰਟ ਨੂੰ ਕਥਿਤ ਤੌਰ ’ਤੇ ਹਮਲੇ ਦੀ ਯੋਜਨਾ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਉਸ ਕੋਲ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇਣ ਦਾ ਮੌਕਾ ਵੀ ਮੌਜੂਦ ਸੀ। ਪੁਲਿਸ ਨੂੰ ਸੂਚਿਤ ਕਰਨ ਬਾਰੇ ਗੱਲਬਾਤ ਹੋਣ ਦੇ ਬਾਵਜੂਦ ਉਸ ਵੱਲੋਂ ਅਧਿਕਾਰੀਆਂ ਨੂੰ ਜਾਣਕਾਰੀ ਨਾ ਦੇਣ ਦੀ ਗੱਲ ਵੀ ਜਾਂਚ ਦਾ ਹਿੱਸਾ ਹੈ।
ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਵੈਨ ਰੂਟਸੇਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਮਤਰੇਏ ਭਰਾ ਦੀ ਹੱਤਿਆ ਕੀਤੀ ਸੀ। ਇਸ ਤੋਂ ਬਾਅਦ ਉਹ ਟੰਬਲਰ ਰਿਜ ਸੈਕੰਡਰੀ ਸਕੂਲ ਪਹੁੰਚਿਆ, ਜਿੱਥੇ ਗੋਲੀਬਾਰੀ ਦੌਰਾਨ 12 ਅਤੇ 13 ਸਾਲ ਦੀ ਉਮਰ ਦੇ ਵਿਦਿਆਰਥੀਆਂ ਅਤੇ ਇੱਕ ਸਿੱਖਿਆ ਸਹਾਇਕ ਦੀ ਜਾਨ ਚਲੀ ਗਈ। ਬਾਅਦ ਵਿੱਚ ਹਮਲਾਵਰ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਹਮਲਾਵਰ ਸਮੇਤ ਇਸ ਘਟਨਾ ਵਿੱਚ ਕੁੱਲ 9 ਮੌਤਾਂ ਹੋਈਆਂ ਸਨ।
ਇਸ ਮਾਮਲੇ ਦੀ ਜਾਂਚ ਕੈਨੇਡਾ ਦੀ ਪੁਲਿਸ ਅਤੇ ਅਮਰੀਕਾ ਦੀ ਐੱਫ.ਬੀ.ਆਈ. ਸਮੇਤ ਹੋਰ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ। ਬ੍ਰਾਇੰਟ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੀ ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਤੋਂ ਮਾਮਲੇ ਵਿੱਚ ਉਸ ਦੀ ਕਥਿਤ ਭੂਮਿਕਾ ਬਾਰੇ ਹੋਰ ਸਪੱਸ਼ਟਤਾ ਮਿਲਣ ਦੀ ਉਮੀਦ ਹੈ।




