LK Media Network — Trusted Global Media Network.

ਮੈਡ ਸੰਧੂ ਕਤਲ ਕਾਂਡ ਸੁਲਝਾਉਣ ਦਾ ਅੰਮ੍ਰਿਤਸਰ ਪੁਲਿਸ ਦਾ ਦਾਅਵਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫ਼ਤਾਰ

ਮੈਡ ਸੰਧੂ ਕਤਲ ਕਾਂਡ ਸੁਲਝਾਉਣ ਦਾ ਅੰਮ੍ਰਿਤਸਰ ਪੁਲਿਸ ਦਾ ਦਾਅਵਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫ਼ਤਾਰ

 

ਅਹਿਮਦਾਬਾਦ ਤੋਂ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਕਾਬੂ; ਪੁਲਿਸ ਅਨੁਸਾਰ ਇਲਾਕੇ ’ਚ ਦਹਿਸ਼ਤ ਪੈਦਾ ਕਰਕੇ ਅੱਗੇ ਫਿਰੌਤੀਆਂ ਮੰਗਣ ਲਈ ਨਾਂ ਬਣਾਉਣਾ ਸੀ ਕਤਲ ਦਾ ਮਕਸਦ

 

 ਅੰਮ੍ਰਿਤਸਰ, 8 ਅਕਤੂਬਰ, ਐਲ.ਕੇ ਮੀਡੀਆ ਨੈੱਟਵਰਕ

 

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਸਨਸਨੀਖੇਜ਼ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਸ਼ੂਟਰ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ ਨੂੰ ਅਹਿਮਦਾਬਾਦ, ਗੁਜਰਾਤ ਤੋਂ ਕਾਬੂ ਕੀਤਾ ਗਿਆ ਹੈ।

 

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪਰਮਿੰਦਰ ਉਰਫ਼ ਕਾਕਾ ਨੂੰ ਮੁੱਖ ਸ਼ੂਟਰ, ਅਮਨਦੀਪ ਸਿੰਘ ਵਾਸੀ ਤਾਸ਼ਪੁਰ, ਕਪੂਰਥਲਾ ਨੂੰ ਮੁੱਖ ਸ਼ੂਟਰ ਦਾ ਭਰਾ, ਪਰਮਵੀਰ ਸਿੰਘ ਵਾਸੀ ਲੋਹੀਆਂ ਖਾਸ ਨੂੰ ਹਥਿਆਰ ਅਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲਾ, ਬਲਜਿੰਦਰ ਸਿੰਘ ਉਰਫ਼ ਲਾਲੀ/ਦਿਲਾਵਰ ਵਾਸੀ ਪਿੰਡ ਦਲਾਵਰਪੁਰ, ਤਰਨ ਤਾਰਨ ਨੂੰ ਟਰਾਂਸਪੋਰਟੇਸ਼ਨ ਸਹਾਇਕ ਅਤੇ ਬਲਰਾਜ ਸਿੰਘ ਉਰਫ਼ ਬੰਟੀ ਤੇ ਵਿਕਾਸ ਸਿੰਘ ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ ਨੂੰ ਰੈਕੀ ਕਰਨ ਵਾਲੇ ਫੁੱਟ ਸੋਲਜਰ ਦੱਸਿਆ ਗਿਆ ਹੈ।

 

ਪੁਲਿਸ ਅਨੁਸਾਰ ਮਾਮਲੇ ਵਿੱਚ ਸ਼ਾਮਲ ਦੂਜੇ ਮੁੱਖ ਸ਼ੂਟਰ ਦੀ ਵੀ ਪੂਰੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀਆਂ ਫ਼ੋਟੋਆਂ ਤੇ ਹੋਰ ਵੇਰਵੇ ਪੁਲਿਸ ਕੋਲ ਮੌਜੂਦ ਹਨ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

₹16 ਹਜ਼ਾਰ ਦੀ ਰਕਮ ਨੇ ਖੋਲ੍ਹਿਆ ਕਾਕਾ ਤੱਕ ਪਹੁੰਚਣ ਦਾ ਰਾਹ

 

ਪੁਲਿਸ ਜਾਂਚ ਮੁਤਾਬਕ ਬਾਹਰ ਬੈਠੇ ਕੁਝ ਬਦਮਾਸ਼ਾਂ ਵੱਲੋਂ ਅਮਨਦੀਪ ਸਿੰਘ ਦੇ ਖਾਤੇ ਵਿੱਚ ₹16,000 ਭੇਜੇ ਗਏ ਸਨ। ਦੱਸਿਆ ਗਿਆ ਹੈ ਕਿ ਅਮਨਦੀਪ ਨੇ ਇਸ ਵਿੱਚੋਂ ₹11,000 ਆਪਣੇ ਭਰਾ ਪਰਮਿੰਦਰ ਉਰਫ਼ ਕਾਕਾ ਨੂੰ ਅਤੇ ₹5,000 ਹਥਿਆਰ ਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲੇ ਪਰਮਵੀਰ ਨੂੰ ਭੇਜੇ।

 

ਪੁਲਿਸ ਅਨੁਸਾਰ ਵਾਰਦਾਤ ਤੋਂ ਬਾਅਦ ਅਹਿਮਦਾਬਾਦ ਵਿੱਚ ਪੈਸੇ ਖ਼ਤਮ ਹੋਣ ’ਤੇ ਪਰਮਿੰਦਰ ਨੇ ਆਪਣੇ ਭਰਾ ਅਮਨਦੀਪ ਤੋਂ ਪੈਸੇ ਮੰਗੇ। ਉਸ ਸਮੇਂ ਅਮਨਦੀਪ ਪੁਲਿਸ ਹਿਰਾਸਤ ਵਿੱਚ ਸੀ। ਪੁਲਿਸ ਨੇ ਉਸ ਦੇ ਫੋਨ ਤੋਂ ਇੱਕ ਸਕੈਨਰ QR ਕੋਡ ਭੇਜਿਆ। ਪੁਲਿਸ ਦਾ ਦਾਅਵਾ ਹੈ ਕਿ ਜਿਵੇਂ ਹੀ ਪਰਮਿੰਦਰ ਨੇ QR ਕੋਡ ਸਕੈਨ ਕੀਤਾ, ਉਸ ਦੀ ਲੋਕੇਸ਼ਨ ਟ੍ਰੈਕ ਹੋ ਗਈ ਅਤੇ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਕਰ ਲਿਆ।

 

2-3 ਦਿਨ ਕੀਤੀ ਗਈ ਰੈਕੀ

 

ਪੁਲਿਸ ਮੁਤਾਬਕ ਬਲਰਾਜ ਸਿੰਘ ਉਰਫ਼ ਬੰਟੀ ਅਤੇ ਵਿਕਾਸ ਸਿੰਘ ਨੇ ਮੈਡ ਸੰਧੂ ਦੀ ਕਰੀਬ 2-3 ਦਿਨ ਲਗਾਤਾਰ ਰੈਕੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਸਟਾਰਬਕਸ ਤੋਂ ਲੈ ਕੇ ਚਾਹ ਦੀਆਂ ਰੇੜ੍ਹੀਆਂ ਤੱਕ ਵੱਖ-ਵੱਖ ਥਾਵਾਂ ’ਤੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ। ਹਥਿਆਰ ਪਰਮਵੀਰ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਪਹੁੰਚਾਏ ਜਾਣ ਦੀ ਗੱਲ ਵੀ ਪੁਲਿਸ ਜਾਂਚ ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ।

 

125 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਦਾ ਪਿੱਛਾ

 

ਪੁਲਿਸ ਅਨੁਸਾਰ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਜਾਂਚ ਨੂੰ ਗੁੰਮਰਾਹ ਕਰਨ ਲਈ ਕਈ ਥਾਵਾਂ ’ਤੇ ਕੱਚੇ ਰਸਤੇ ਵਰਤੇ ਅਤੇ ਬਠਿੰਡਾ ਸਿਕਸ-ਲੇਨ ਰੋਡ ’ਤੇ ਕਥਿਤ ਤੌਰ ’ਤੇ ਵਾਹਨ ਗਲਤ ਪਾਸੇ ਚਲਾਏ। ਪੁਲਿਸ ਟੀਮਾਂ ਨੇ ਕਰੀਬ 125 ਕਿਲੋਮੀਟਰ ਲੰਬੀ ਸੀਸੀਟੀਵੀ ਟ੍ਰੇਲ ਨੂੰ ਲਗਾਤਾਰ ਫਾਲੋ ਕਰਦਿਆਂ ਮਾਮਲੇ ਦੀ ਕੜੀ ਜੋੜੀ ਅਤੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ।

 

ਫਿਰੌਤੀ ਲਈ ਦਹਿਸ਼ਤ ਪੈਦਾ ਕਰਨ ਦਾ ਸ਼ੱਕ

ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਕਤਲ ਦਾ ਮੁੱਖ ਮਕਸਦ ਇਲਾਕੇ ਵਿੱਚ ਆਪਣਾ ਨਾਂ ਬਣਾਉਣਾ ਅਤੇ ਦਹਿਸ਼ਤ ਪੈਦਾ ਕਰਨਾ ਸਾਹਮਣੇ ਆ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਆਪਣਾ ਪ੍ਰਭਾਵ ਬਣਾਉਣ ਤੋਂ ਬਾਅਦ ਮੁਲਜ਼ਮ ਅੱਗੇ ਚੱਲ ਕੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀ ਯੋਜਨਾ ਬਣਾ ਰਹੇ ਸਨ।

 

ਇਸ ਦੇ ਨਾਲ ਹੀ ਪੁਲਿਸ ਵੱਲੋਂ ਗੋਲਡੀ ਢਿੱਲੋਂ ਅਤੇ ਵਿਦੇਸ਼ਾਂ ਵਿੱਚ ਬੈਠੇ ਹੋਰ ਕਥਿਤ ਗੈਂਗਸਟਰਾਂ ਨਾਲ ਮੁਲਜ਼ਮਾਂ ਦੇ ਸੰਭਾਵਿਤ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਚਾਰ ਪਿਸਤੌਲਾਂ ਅਤੇ ਦੋ ਮੋਟਰਸਾਈਕਲਾਂ ਦੀ ਭਾਲ ਜਾਰੀ

ਪੁਲਿਸ ਅਨੁਸਾਰ ਵਾਰਦਾਤ ਵਿੱਚ ਵਰਤੇ ਗਏ ਚਾਰ .30 ਬੋਰ ਪਿਸਤੌਲਾਂ ਅਤੇ ਦੋ ਮੋਟਰਸਾਈਕਲਾਂ—ਪਲਸਰ ਅਤੇ ਸਪਲੈਂਡਰ—ਦੀ ਬਰਾਮਦਗੀ ਲਈ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਗਲੀ ਜਾਂਚ ਦੌਰਾਨ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਕਥਿਤ ਨੈੱਟਵਰਕ ਬਾਰੇ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…