
ਯੂਕਰੇਨ ਵਿੱਚ ਜੰਗ ਖਤਮ ਹੋਣ ਮਗਰੋਂ 25 ਮਿਲੀਅਨ ਅਬਾਦੀ ਘਟਣ ਦਾ ਖਤਰਾ, 20 ਲੱਖ ਵਰਕਰਾਂ ਦੀ ਪਵੇਗੀ ਲੋੜ
ਐਲ.ਕੇ ਮੀਡੀਆ ਨੈੱਟਵਰਕ
ਕੀਵ/ਯੂਕਰੇਨ, 18 ਮਈ
ਯੂਕਰੇਨ ਸਰਕਾਰ ਦੇ ਸੋਸ਼ਲ ਸੇਵਾਵਾਂ ਮੰਤਰੀ Mr. Denis Ulyutin ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਰੂਸ-ਯੂਕਰੇਨ ਜੰਗ ਖਤਮ ਹੋਣ ਤੋਂ ਬਾਅਦ ਯੂਕਰੇਨ ਦੇ ਸਰਕਾਰੀ ਕੰਟਰੋਲ ਵਾਲੇ ਖੇਤਰਾਂ ਵਿੱਚ ਲਗਭਗ 25 ਮਿਲੀਅਨ ਅਬਾਦੀ ਘੱਟ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਕਰੀਬ 10 ਮਿਲੀਅਨ ਯੂਕਰੇਨੀ ਨਾਗਰਿਕ ਆਪਣੇ ਦੇਸ਼ ਨੂੰ ਛੱਡ ਕੇ ਯੂਰਪੀ ਦੇਸ਼ਾਂ, ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਜਾ ਬੱਸੇ ਹਨ। ਹੁਣ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਉਥੇ ਸਥਾਈ ਤੌਰ ‘ਤੇ ਸੈੱਟ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਵਾਪਸ ਯੂਕਰੇਨ ਆਉਣ ਦੀ ਉਮੀਦ ਕਾਫੀ ਘੱਟ ਹੈ।
ਮੰਤਰੀ ਨੇ ਕਿਹਾ ਕਿ ਜੰਗ ਮਗਰੋਂ ਦੇਸ਼ ਦੀ ਆਰਥਿਕਤਾ, ਉਦਯੋਗ, ਨਿਰਮਾਣ ਕਾਰਜ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਯੂਕਰੇਨ ਨੂੰ ਲਗਭਗ 20 ਲੱਖ ਮਜ਼ਦੂਰਾਂ ਅਤੇ ਵਰਕਰਾਂ ਦੀ ਲੋੜ ਪਵੇਗੀ।
ਇਸ ਘਾਟ ਨੂੰ ਪੂਰਾ ਕਰਨ ਲਈ ਯੂਕਰੇਨ ਸਰਕਾਰ ਹੁਣ ਤੋਂ ਹੀ ਦੁਨੀਆ ਦੇ 70 ਤੋਂ ਵੱਧ ਦੇਸ਼ਾਂ ਨਾਲ ਸਮਝੌਤੇ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਲੋੜ ਪੈਣ ‘ਤੇ ਵਿਦੇਸ਼ੀ ਵਰਕਰਾਂ ਨੂੰ ਯੂਕਰੇਨ ਲਿਆਂਦਾ ਜਾ ਸਕੇ।
ਦੱਸਣਯੋਗ ਹੈ ਕਿ ਯੂਕਰੇਨ ਵੱਲੋਂ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਅਤੇ ਸਰਕਾਰ ਨੂੰ ਉਮੀਦ ਹੈ ਕਿ ਯੂਰਪੀ ਸੰਘ ਦੀ ਮੈਂਬਰਸ਼ਿਪ ਨਾਲ ਦੇਸ਼ ਦੀ ਆਰਥਿਕ ਹਾਲਤ ਨੂੰ ਮਜ਼ਬੂਤੀ ਮਿਲੇਗੀ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੰਗ ਤੋਂ ਬਾਅਦ ਯੂਕਰੇਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਬਾਦੀ ਦੀ ਘਾਟ ਅਤੇ ਦੇਸ਼ ਦੇ ਮੁੜ ਨਿਰਮਾਣ ਦੀ ਹੋਵੇਗੀ।


