
ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ’ਤੇ ਲੇਖਕ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ; ਸਾਹਿਤਕ ਰਚਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ
ਗੁਰਜਿੰਦਰ ਬਘਿਆੜੀ, ਜਗਰੂਪ ਐਮਾਂ
ਅੰਮ੍ਰਿਤਸਰ/ਸਰਾਏ ਅਮਾਨਤ ਖਾਂ, 26 ਅਕਤੂਬਰ
ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਸ਼੍ਰੋਮਣੀ ਕਵੀ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ’ਤੇ ਲੇਖਕ ਅਤੇ ਸਾਹਿਤਕ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੱਖ-ਵੱਖ ਸਾਹਿਤਕਾਰਾਂ ਨੇ ਉਨ੍ਹਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਅਤੇ ਕਵਿਤਾ ਦੇ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।
ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਹਰਭਜਨ ਸਿੰਘ ਭਾਟੀਆ ਅਤੇ ਸੈਲਿੰਦਰਜੀਤ ਸਿੰਘ ਰਾਜਨ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਜਾਇਬ ਸਿੰਘ ਹੁੰਦਲ ਪੰਜਾਬੀ ਕਵਿਤਾ ਦੇ ਸਥਾਪਤ ਹਸਤਾਖਰ ਸਨ। ਉਨ੍ਹਾਂ ਨੇ ਗ਼ਜ਼ਲ ਰਾਹੀਂ ਆਪਣਾ ਕਾਵਿ-ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਆਜ਼ਾਦ ਕਵਿਤਾ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ।
ਉਨ੍ਹਾਂ ਕਿਹਾ ਕਿ ਅਜਾਇਬ ਸਿੰਘ ਹੁੰਦਲ ਦੀਆਂ ਰਚਨਾਵਾਂ ਵਿੱਚ ਪੰਜਾਬੀ ਸਮਾਜ, ਜੀਵਨ ਦੀਆਂ ਹਕੀਕਤਾਂ, ਮਨੁੱਖੀ ਸੰਵੇਦਨਾਵਾਂ ਅਤੇ ਸਮੇਂ ਦੇ ਸਵਾਲਾਂ ਦੀ ਡੂੰਘੀ ਪੇਸ਼ਕਾਰੀ ਮਿਲਦੀ ਹੈ। ਉਨ੍ਹਾਂ ਦੀ ਕਵਿਤਾ ਨੇ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਪਾਠਕਾਂ ਨੂੰ ਸੋਚਣ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੀਆਂ ਪ੍ਰਮੁੱਖ ਕਾਵਿ-ਪੁਸਤਕਾਂ ਵਿੱਚ ‘ਅਜੇ ਨਾ ਗਿਣ’, ‘ਫ਼ੈਸਲੇ ਤੋਂ ਬਾਅਦ’, ‘ਮਿੱਟੀ ਸਾਹਵੇਂ ਖੜ੍ਹਾ ਵਾਰਿਸ’, ‘ਆਪਣਾ ਆਪਣਾ ਕੁਰੂਕਸ਼ੇਤਰ’, ‘ਕਚਹਿਰੀ ਵਿੱਚ ਖੜ੍ਹਾ ਦਰਖ਼ਤ’, ‘ਅੱਗ ਦੇ ਘੁੱਟ’, ‘ਚਲਦੇ ਫਿਰਦੇ ਰੁੱਖ’, ‘ਘਰ ਤੋਂ ਮਕਾਨ ਤੱਕ’, ‘ਆਪਣੀ ਤਲਾਸ਼ ਵਿੱਚ’, ‘ਕਾਰਡ ਤੇ ਕੈਲੰਡਰ’, ‘ਇੱਕ ਉਮਰ ਦੀ ਵਾਪਸੀ’, ‘ਮਿੱਟੀ ਧਰਤੀ ਨਹੀਂ ਹੁੰਦੀ’, ‘ਗੱਲ ਜਦੋਂ ਤੁਰੀ’ ਅਤੇ ‘ਤਾਰੀਖ਼ ਵਰਕਾ ਵਰਕਾ’ ਸਮੇਤ ਹੋਰ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਦੀ ਸਾਹਿਤਕ ਦੇਣ ਨੂੰ ਮਾਨਤਾ ਦਿੰਦਿਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ।
ਸਾਹਿਤਕਾਰਾਂ ਨੇ ਕਿਹਾ ਕਿ ਅਜਾਇਬ ਸਿੰਘ ਹੁੰਦਲ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਨਮੋਲ ਸਰਮਾਇਆ ਹਨ। ਉਨ੍ਹਾਂ ਦਾ ਸਾਹਿਤਕ ਸਫ਼ਰ ਅਤੇ ਕਾਵਿ-ਰਚਨਾਵਾਂ ਲੰਮੇ ਸਮੇਂ ਤੱਕ ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਵੱਸਦੀਆਂ ਰਹਿਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾ. ਮਹਿਲ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਆਤਮ ਸਿੰਘ ਰੰਧਾਵਾ, ਮੁਖਤਾਰ ਗਿੱਲ, ਹੀਰਾ ਸਿੰਘ, ਡਾ. ਬਲਜੀਤ ਰਿਆੜ, ਵਜ਼ੀਰ ਸਿੰਘ ਰੰਧਾਵਾ, ਮਨਮੋਹਨ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਬਘਿਆੜੀ, ਕੁਲਵੰਤ ਸਿੰਘ ਅਣਖੀ, ਜਸਬੀਰ ਝਬਾਲ, ਅੰਗਰੇਜ਼ ਸਿੰਘ ਵਿਰਦੀ, ਇੱਕਵਾਕ ਸਿੰਘ ਪੱਟੀ, ਡਾ. ਗਗਨਦੀਪ ਸਿੰਘ, ਮਨਦੀਪ ਬੋਪਾਰਾਏ, ਹਰਪਾਲ ਨਾਗਰਾ, ਰੋਜੀ ਸਿੰਘ, ਸ਼ੁਕਰਗੁਜ਼ਾਰ ਸਿੰਘ, ਵਿਸ਼ਾਲ, ਜਗਤਾਰ ਗਿੱਲ, ਸਤਿੰਦਰਜੀਤ, ਨਵ ਭੁੱਲਰ, ਡਾ. ਮੋਹਨ, ਗੁਰਜੀਤ ਅਜਨਾਲਾ, ਨਿਰਮਲ ਕੋਟਲਾ ਅਤੇ ਸੁਖਬੀਰ ਖੁਰਮਣੀਆਂ ਆਦਿ ਸ਼ਾਮਲ ਸਨ।
ਸਮੂਹ ਸਾਹਿਤਕਾਰਾਂ ਨੇ ਵਿਛੜੇ ਸ਼ਾਇਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਅਤੇ ਪੰਜਾਬੀ ਭਾਸ਼ਾ ਪ੍ਰਤੀ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।




