
ਪਹਿਲ ਦੇ ਆਧਾਰ ’ਤੇ ਵਿਮੁਕਤ ਜਾਤੀ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ: ਸੁਖਬੀਰ ਸਿੰਘ ਬਾਦਲ
‘ਆਪ’ ਸਰਕਾਰ ਵੱਲੋਂ ਬੰਦ ਕੀਤਾ ਗਿਆ 2 ਫ਼ੀਸਦੀ ਸਰਵਿਸ ਕੋਟਾ ਮੁੜ ਲਾਗੂ ਕਰਨ ਦਾ ਦਿੱਤਾ ਭਰੋਸਾ, ਮੰਗਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਅਪੀਲ
ਨਿਰਮਲ ਸਿੰਘ ਸੰਗਤਪੁਰਾ, ਚੋਹਲਾ ਸਾਹਿਬ, 11 ਅਕਤੂਬਰ
ਆਲ ਇੰਡੀਆ ਵਿਮੁਕਤ ਜਾਤੀਆਂ ਫੈਡਰੇਸ਼ਨ ਦੇ ਵਫ਼ਦ ਨੇ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਵਿਮੁਕਤ ਜਾਤੀ ਭਾਈਚਾਰੇ ਦੀਆਂ ਮੁੱਖ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਭਾਈਚਾਰੇ ਦੀਆਂ ਮੰਗਾਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ।
ਇਸ ਦੌਰਾਨ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਮੈਂਬਰਾਂ ਨਾਲ ਵੀ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਮੇਜਰ ਸਿੰਘ ਕਲੇਰ ਨੇ ਆਗੂਆਂ ਨੂੰ ਵਿਮੁਕਤ ਜਾਤੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ।
ਵਫ਼ਦ ਨੇ ਵਿਸ਼ੇਸ਼ ਤੌਰ ’ਤੇ 2 ਫ਼ੀਸਦੀ ਸਰਵਿਸ ਕੋਟੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਅਨੁਸਾਰ ਇਹ ਕੋਟਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਾਗੂ ਕੀਤਾ ਗਿਆ ਸੀ, ਪਰ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਇਸ ਕੋਟੇ ਨੂੰ ਦੁਬਾਰਾ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਵਿਮੁਕਤ ਜਾਤੀ ਭਾਈਚਾਰੇ ਦੀਆਂ ਹੋਰ ਪ੍ਰਮੁੱਖ ਮੰਗਾਂ ਨੂੰ ਵੀ ਚੋਣ ਮੈਨੀਫੈਸਟੋ ਵਿੱਚ ਥਾਂ ਦਿੱਤੀ ਜਾਵੇ।
ਵਫ਼ਦ ਦੀਆਂ ਮੰਗਾਂ ਸੁਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਕਿ ਜੇਕਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਵਿਮੁਕਤ ਜਾਤੀ ਭਾਈਚਾਰੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਨਿਧਾਨ ਸਿੰਘ ਪਟਿਆਲਾ, ਸੁਰਿੰਦਰ ਪਾਲ ਬੀਡੂ ਫਿਰੋਜ਼ਪੁਰ, ਸਾਵਨ ਸਿੰਘ ਪਠਾਨਕੋਟ, ਵੈਦ ਪ੍ਰਕਾਸ਼ ਪੱਡਾ ਜ਼ਿਲ੍ਹਾ ਅੰਮ੍ਰਿਤਸਰ, ਵਿਨੋਦ ਕੁਮਾਰ ਟੋਨੀ, ਵਜ਼ੀਰ ਭੁੱਲਰ, ਸੁੱਚਾ ਸਿੰਘ ਚੰਡੀਗੜ੍ਹ, ਮਨਦੀਪ ਸਿੰਘ ਚੰਡੀਗੜ੍ਹ, ਸੁੱਖਾ ਸਿੰਘ ਮਹਿਤਾ, ਵਿਰਸਾ ਸਿੰਘ ਕਰਮੂਵਾਲਾ ਤਰਨ ਤਾਰਨ, ਜਰਨੈਲ ਸਿੰਘ ਸਰਪੰਚ ਖਜਾਲਾ, ਮਹਿੰਦਰ ਸਿੰਘ ਰਾਣੀਵਲਾਹ, ਕਰਨੈਲ ਸਿੰਘ ਕਰਮੂਵਾਲਾ, ਹਰਦੇਵ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ, ਜੱਜ ਸਿੰਘ ਜਲਾਲਾਬਾਦ, ਗੁਰਮੁਖ ਸਿੰਘ ਫਿਰੋਜ਼ਪੁਰ ਅਤੇ ਰਾਜਬੀਰ ਸਿੰਘ ਜੰਡਿਆਲਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।



