
ਦਾਣਾ ਮੰਡੀ ਖੇਮਕਰਨ ’ਚ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਨਿਰਵਿਘਨ ਜਾਰੀ: ਹਰਭਜਨ ਸੰਧੂ, ਕੁਲਬੀਰ ਮਨਾਵਾਂ
ਵਿਧਾਇਕ ਸਰਵਨ ਸਿੰਘ ਧੁੰਨ ਦੇ ਯਤਨਾਂ ਸਦਕਾ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰਾਂ ਨੂੰ ਨਹੀਂ ਆ ਰਹੀ ਕੋਈ ਮੁਸ਼ਕਲ; ਲੋਕਲ ਟਰੱਕਾਂ ਨੂੰ ਲਿਫਟਿੰਗ ’ਚ ਪਹਿਲ ਦੇਣ ਦਾ ਟਰੱਕ ਚਾਲਕ ਕੁਲਵੰਤ ਸਿੰਘ ਦਾ ਦਾਅਵਾ
ਅਮਰਕੋਟ/ਖੇਮਕਰਨ, 8 ਅਕਤੂਬਰ/ ਜੋਬਨ ਭੱਟੀ, ਲਾਡਾ ਕੰਡਾ
ਦਾਣਾ ਮੰਡੀ ਖੇਮਕਰਨ ਵਿਖੇ ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਨਿਰਵਿਘਨ ਜਾਰੀ ਹੈ। ਖੇਮਕਰਨ ਤੋਂ ਇਲਾਵਾ ਸਹਾਇਕ ਮੰਡੀਆਂ ਭੂਰਾ ਕੋਹਨਾ ਅਤੇ ਰੱਤੋਕੇ ਵਿਖੇ ਵੀ ਝੋਨੇ ਦੀ ਖਰੀਦ ਜ਼ੋਰਾਂ ’ਤੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਸਬੰਧੀ ਆੜ੍ਹਤੀ ਯੂਨੀਅਨ ਖੇਮਕਰਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ ਅਤੇ ਕੁਲਬੀਰ ਸਿੰਘ ਮਨਾਵਾਂ ਨੇ ਕਿਹਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਸਹਿਯੋਗ ਸਦਕਾ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਰੀਦੇ ਜਾ ਰਹੇ ਝੋਨੇ ਦੀ ਲਿਫਟਿੰਗ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨ, ਆੜ੍ਹਤੀ ਅਤੇ ਪੱਲੇਦਾਰ ਸੰਤੁਸ਼ਟ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਮੰਡੀ ਵਿੱਚ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਹਨ ਅਤੇ ਝੋਨੇ ਦੀ ਲਿਫਟਿੰਗ ਵਿੱਚ ਵੀ ਕੋਈ ਵੱਡੀ ਰੁਕਾਵਟ ਨਹੀਂ ਹੈ। ਇਸ ਮੌਕੇ ਟਰੱਕ ਚਾਲਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਮਕਰਨ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਲਈ ਲੋਕਲ ਟਰੱਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਸਥਾਨਕ ਟਰੱਕ ਚਾਲਕਾਂ ਨੂੰ ਵੀ ਕੰਮ ਮਿਲ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਨੂੰ ਦੱਸਿਆ ਝੂਠੀ ਅਤੇ ਬੇਬੁਨਿਆ
ਹਰਭਜਨ ਸਿੰਘ ਸੰਧੂ ਅਤੇ ਕੁਲਬੀਰ ਸਿੰਘ ਮਨਾਵਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਇੱਕ ਵੀਡੀਓ ਨੂੰ ਝੂਠੀ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸ ਰਾਹੀਂ ਸਰਕਾਰ ਅਤੇ ਹਲਕਾ ਵਿਧਾਇਕ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਿਰੋਧੀ ਧਿਰਾਂ ਵੱਲੋਂ ਸਿਆਸੀ ਮੰਤਵਾਂ ਤਹਿਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਆਗੂਆਂ ਨੇ ਕਿਹਾ ਕਿ ਕਿਸਾਨ ਹਕੀਕਤ ਤੋਂ ਜਾਣੂ ਹਨ ਅਤੇ ਕਿਸੇ ਵੀ ਬੇਬੁਨਿਆਦ ਪ੍ਰਚਾਰ ’ਤੇ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।



