
ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਦੇ ਸੰਸਥਾਪਕ ਮਾਸਟਰ ਰਘਬੀਰ ਸਿੰਘ ਦੇ ਦੇਹਾਂਤ ’ਤੇ ਗੋਰਵਦੀਪ ਵਲਟੋਹਾ ਵੱਲੋਂ ਦੁੱਖ ਦਾ ਪ੍ਰਗਟਾਵਾ
ਮਾਸਟਰ ਰਘਬੀਰ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖਿਆ ਦੇ ਪ੍ਰਸਾਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ – ਗੋਰਵਦੀਪ ਸਿੰਘ ਵਲਟੋਹਾ
ਅਮਰਕੋਟ, 01 ਅਕਤੂਬਰ, ਹਰਜੀਤ ਸਿੰਘ ਵਲਟੋਹਾ
ਸਰਹੱਦੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਦੇ ਸੰਸਥਾਪਕ ਅਤੇ ਉੱਘੇ ਸਿੱਖਿਆ ਸ਼ਾਸਤਰੀ ਮਾਸਟਰ ਰਘਬੀਰ ਸਿੰਘ ਵਲਟੋਹਾ ਦਾ ਬੀਤੇ ਦਿਨੀਂ ਕੈਨੇਡਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮਾਸਟਰ ਰਘਬੀਰ ਸਿੰਘ ਵਲਟੋਹਾ ਲੰਬੇ ਸਮੇਂ ਤੋਂ ਅਸਵਸਥ ਚੱਲ ਰਹੇ ਸਨ ਅਤੇ ਕੁਝ ਸਮਾਂ ਪਹਿਲਾਂ ਆਪਣੇ ਸਪੁੱਤਰ ਬਿਕਰਮਜੀਤ ਸਿੰਘ ਸੰਧੂ ਕੋਲ ਕੈਨੇਡਾ ਗਏ ਹੋਏ ਸਨ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਬੇਟੇ ਬਿਕਰਮਜੀਤ ਸਿੰਘ ਸੰਧੂ ਵੱਲੋਂ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਵਾਪਸ ਪੰਜਾਬ ਲੈ ਕੇ ਆਉਣ ਉਪਰੰਤ ਗੋਰਵਦੀਪ ਸਿੰਘ ਵਲਟੋਹਾ, ਮੈਂਬਰ ਵਰਕਿੰਗ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਵੱਲੋਂ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਗਿਆ।

ਇਸ ਮੌਕੇ ਗੋਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਮਾਸਟਰ ਰਘਬੀਰ ਸਿੰਘ ਵਲਟੋਹਾ ਨੇ ਆਪਣਾ ਸਾਰਾ ਜੀਵਨ ਸਿੱਖਿਆ ਦੇ ਪ੍ਰਸਾਰ ਅਤੇ ਸਮਾਜ ਦੀ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਵੱਲੋਂ ਵਲਟੋਹਾ ਵਿਖੇ ਸਥਾਪਿਤ ਕੀਤੇ ਗਏ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ।
ਉਨ੍ਹਾਂ ਕਿਹਾ ਕਿ ਮਾਸਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਅਨੇਕਾਂ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ ’ਤੇ ਪਹੁੰਚੇ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਗੋਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਮਾਸਟਰ ਰਘਬੀਰ ਸਿੰਘ ਦੇ ਦੇਹਾਂਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਸਿੱਖਿਆ ਜਗਤ ਅਤੇ ਸਮਾਜ ਲਈ ਵੀ ਵੱਡਾ ਘਾਟਾ ਦੱਸਿਆ।
ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਵੀ ਮਾਸਟਰ ਰਘਬੀਰ ਸਿੰਘ ਵਲਟੋਹਾ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।



