ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਹੋਰਾਂ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ


ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਹੋਰਾਂ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ
ਸੰਦੀਪ ਸਿੰਘ ਖਾਲੜਾ
ਜਰਮਨੀ 26 ਅਪ੍ਰੈਲ
ਖ਼ਾਲਸੇ ਦੇ ਪ੍ਰਗਟ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਸਿੱਖ ਪੰਥ ਅੰਦਰ ਬਹੁਤ ਹੀ ਜ਼ਿਆਦਾ ਉਤਸ਼ਾਹ, ਸ਼ਰਧਾ ਅਤੇ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਸਿੱਖ ਭਾਵੇਂ ਜਿਸ ਵੀ ਦੇਸ਼ ਵਿੱਚ ਹੋਣ ਇਸ ਦਿਹਾੜੇ ਨੂੰ ਬੜੀ ਹੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਇਸ ਤਹਿਤ ਹੀ ਯੂਰਪ ਦੇ ਨੀਦਰਲੈਂਡ (ਹਾਲੈਂਡ) ਦੇ ਸ਼ਹਿਰ ਰੋਟਰਡੈਮ ਵਿੱਚ ਸਥਿੱਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਟੈਂਪਲ ਰੋਟਰਡੈਮ ਵਿਖੇ ਖ਼ਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਿਵਾਨ ਸਜਾਏ ਗਏ, ਜਿਸ ਵਿੱਚ ਸਭ ਤੋਂ ਪਹਿਲਾਂ ਲੋਕਲ ਸੰਗਤ ਦੇ ਨਿਸ਼ਕਾਮ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ, ਇਸ ਉਪਰੰਤ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਜੀ ਮੌਜੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਖ਼ਾਲਸਾ ਪ੍ਰਗਟ ਦਿਵਸ ਅਤੇ ਵਿਸਾਖੀ ਦੇ ਇਤਿਹਾਸ ਦਾ ਪ੍ਰਸੰਗ ਢਾਡੀ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕੀਤਾ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਗਟ ਕੀਤੇ ਖਾਲਸੇ ਨੂੰ ਬਿਪਰ ਤੋ ਨਿਰਲੇਪ ਰਹਿ ਕੇ ਆਪਣੇ ਨਿਆਰੇਪਨ ਨੂੰ ਕਾਇਮ ਰੱਖਣ ਦੀ ਲੋੜ ਹੈ। ਗਿਆਨੀ ਮਿਲਖਾ ਸਿੰਘ ਮੌਜੀ ਜੀ ਦੇ 2 ਘੰਟਿਆਂ ਦੇ ਦੀਵਾਨ ਵਿੱਚ ਸੰਗਤਾਂ ਨੇ ਬੜੀ ਇਕਾਗਰਤਾ ਨਾਲ ਸਾਰੇ ਸਮਾਗਮ ਦਾ ਲਾਹਾ ਪ੍ਰਾਪਤ ਕੀਤਾ। ਸਮੂੰਹ ਪ੍ਰਬੰਧਕ ਮੈਂਬਰਾਂ ਨੇ ਗਿਆਨੀ ਮਿਲਖਾ ਸਿੰਘ ਮੌਜੀ ਦੇ ਢਾਡੀ ਜੱਥੇ ਦਾ ਸਨਮਾਨ ਕੀਤਾ। ਇਸ ਸਮੇਂ ਮਨਪ੍ਰੀਤ ਸਿੰਘ ਸਹੋਤਾ, ਅਵਤਾਰ ਸਿੰਘ ਚਾਹਲ, ਮਨਵਿੰਦਰ ਸਿੰਘ, ਕੁਲਦੀਪ ਸਿੰਘ, ਰਛਪਾਲ ਸਿੰਘ, ਸਮੂੰਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ। ਇਸ ਸਮੇਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਤਰਾਂ ਇਹ ਸਮਾਗਮ ਅਭੁੱਲ ਯਾਦਾਂ ਦੇ ਕੇ ਚੜ੍ਹਦੀ ਕਲਾ ਸੰਪੰਨ ਹੋਇਆ।



